Ramkali ki vaar
Full path
ਭਾਈ ਸਤਾ ਅਤੇ ਰਾਇ ਬਲਵੰਡ ਦੋਵੇਂ ਰਬਾਬੀ ਭਰਾ ਗੁਰੂ-ਘਰ ਦੇ ਕੀਰਤਨੀਏ ਸਨ। ਸ੍ਰੀ ਗੁਰੂ ਰਾਮਦਾਸ ਜੀ ਦੇ ਸਪੁੱਤਰਾਂ ਵਿਚੋਂ ਉਮਰ ਵਿਚ ਸਭਤੋਂ ਛੋਟੇ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰ-ਗੱਦੀ ਪ੍ਰਾਪਤ ਹੋਣ 'ਤੇ, ਵੱਡਾ ਭਰਾ ਪ੍ਰਿਥੀਚੰਦ ਆਪ ਜੀ ਦਾ ਦੋਖੀ ਬਣ ਗਿਆ। ਉਹ ਗੱਦੀ ਉੱਤੇ ਆਪਣਾ ਹੱਕ ਸਮਝਦਾ ਸੀ। ਉਸ ਨੇ ਸਤਿਗੁਰੂ ਜੀ ਦੇ ਪ੍ਰਬੰਧਕੀ ਕਾਰਜਾਂ ਵਿਚ ਵਿਘਨ ਪਾਉਣੇ ਆਰੰਭ ਦਿੱਤੇ। ਬਾਹਰੋਂ ਆਈਆਂ ਸੰਗਤਾਂ ਨੂੰ ਉਸ ਦੇ ਮਸੰਦ ਗੁਰੂ-ਡੰਮ ਦੇ ਭਰਮ-ਭੁਲੇਖੇ ਵਿਚ ਪਾ ਕੇ ਉਸ ਕੋਲ ਲੈ ਆਉਂਦੇ ਅਤੇ ਕਾਰ-ਸੇਵਾ ਆਦਿ ਉਨ੍ਹਾਂ ਤੋਂ ਵਸੂਲ ਲੈਂਦੇ। ਲੰਗਰ ਦੇ ਵੇਲੇ ਸੰਗਤਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਪ੍ਰਬੰਧ ਵਿਚ ਚੱਲਦੇ ਲੰਗਰ ਵੱਲ ਭੇਜ ਦਿੱਤਾ ਜਾਂਦਾ। ਕਾਰ-ਭੇਟ ਬਹੁਤ ਘਟ ਆਉਣ ਕਰਕੇ ਗੁਰੂ ਕਾ ਲੰਗਰ ਵੀ ਮਸਤਾਨਾ ਰਹਿਣ ਲੱਗਾ।
ਇਨ੍ਹਾਂ ਦਿਨਾਂ ਵਿਚ ਰਬਾਬੀ ਭਰਾਵਾਂ ਦੀ ਭੈਣ (ਭਾਈ ਵੀਰ ਸਿੰਘ ਜੀ ਅਨੁਸਾਰ) ਦੀ ਸ਼ਾਦੀ ਦੀ ਤਾਰੀਕ ਨੇੜੇ ਆ ਗਈ। ਉਨ੍ਹਾਂ ਨੇ ਸ਼ਾਦੀ ਦੇ ਖ਼ਰਚਾਂ ਲਈ ਸਤਿਗੁਰੂ ਜੀ ਤੋਂ ਮਾਇਆ ਮੰਗੀ। ਗੁਰੂ-ਦਰੋਂ ਮਾਇਕ ਸਹਾਇਤਾ ਤਾਂ ਕਰ ਦਿੱਤੀ ਗਈ ਪਰ ਉਹਨਾਂ ਦੀ ਹਵਸ ਵੱਧ ਤੋਂ ਵਧੇਰੇ ਹੁੰਦੀ ਗਈ। ਲੋਭਦੇ ਹਲਕ ਕਾਰਨ ਦੋਵੇਂ ਭਰਾ ਰੁਸ ਕੇ ਘਰ ਜਾ ਬੈਠੇ ਅਤੇ ਕੀਰਤਨ ਸਮੇਂ ਦਰਬਾਰ ਵਿਚ ਨਾ ਆਏ। ਸਤਿਗੁਰੂ ਜੀ ਨੇ ਬੁਲਾਉਣ ਲਈ ਮੁਖੀ ਸਿਖ ਭੇਜੇ, ਪਰ ਉਹ ਨਾ ਮੰਨੇ। ਸਤਿਗੁਰੂ ਜੀ ਗੁਰੂ ਘਰ ਦੇ ਰੁੱਠੇ ਕੀਰਤਨੀਆਂ ਨੂੰ ਮਨਾਉਣ ਲਈ ਉਨ੍ਹਾਂ ਦੇ ਘਰ ਆਪ ਚੱਲ ਕੇ ਗਏ, ਪਰ ਉਨ੍ਹਾਂ ਕੀਰਤਨ ਕਰਨ ਲਈ ਤਾਂ ਕੀ ਆਉਣਾ ਸੀ, ਸਗੋਂ ਬਚਨ-ਕੁਬਚਨ ਬੋਲੇ। ਅਗਿਆਨਤਾ ਵਿਚ ਇਥੋਂ ਤਕ ਅੰਨ੍ਹੇ ਹੋ ਗਏ ਕਿ ਪਹਿਲੀਆਂ ਪਾਤਸ਼ਾਹੀਆਂ ਦੀ ਵੀ ਨਿੰਦਿਆ ਕਰਨੋਂ ਨਾ ਹਟੇ ਅਤੇ
ਕਿਹਾ ਕਿ ਸਾਡੇ ਵੱਡੇ-ਵਡੇਰਿਆਂ ਦੇ ਕੀਰਤਨ ਕਰਕੇ ਹੀ ਪਹਿਲੇ ਗੁਰੂ ਸੰਗਤਾਂ ਵਿਚ ਮਕਬੂਲ ਹੋਏ, ਨਹੀਂ ਤਾਂ ਉਨ੍ਹਾਂ ਨੂੰ ਕੌਣ ਜਾਣਦਾ ?
ਸ਼ਾਂਤੀ ਦੇ ਪੁੰਜ ਅਤੇ ਸੀਤਲਤਾ ਦੇ ਭੰਡਾਰ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਤਰਾ-ਅਧਿਕਾਰੀ ਸਤਿਗੁਰਾਂ ਦੀ ਨਿੰਦਿਆ ਸੁਣ ਕੇ ਤੜਫ਼ ਉਠੇ । ਉਨ੍ਹਾਂ ਬਚਨ ਉਚਾਰਿਆ ਕਿ ਤੁਸੀਂ ਫਿਟ ਗਏ ਹੋ, ਤੁਹਾਡੀ ਮਤਿ ਮਾਰੀ ਗਈ ਹੈ। ਨਾਲ ਹੀ ਬਚਨ ਕੀਤਾ, “ਕੋਈ ਇਹਨਾਂ ਗੁਰੂ-ਨਿੰਦਕਾਂ ਨੂੰ ਮੂੰਹ ਨਾ ਲਾਵੇ, ਜੋ ਮੂੰਹ ਲਾਵੇਗਾ ਉਹ ਨਸ਼ਰ ਹੋਵੇਗਾ।" ਸਤਿਗੁਰੂ ਜੀ ਨੇ ਸਿੱਖਾਂ ਸੇਵਕਾਂ 'ਤੇ ਐਸੀ ਕਲਾ-ਕ੍ਰਿਸ਼ਮਾਇਣੀ ਦ੍ਰਿਸ਼ਟੀ ਕੀਤੀ ਕਿ ਉਹਨਾਂ ਰਾਹੀਂ ਰਾਗ ਤੇ ਕੀਰਤਨ ਦੀਆਂ ਧੁਨਾਂ ਗੂੰਜਣ ਲੱਗ ਪਈਆਂ।
ਭਾਈ ਸਤਾ ਅਤੇ ਰਾਇ ਬਲਵੰਡ ਗੁਰੂ-ਦਰੋਂ ਫਿਟਕਾਰੇ ਗਏ, ਸਰੀਰ ਫੁਟ ਗਏ। ਉਨ੍ਹਾਂ ਨੂੰ ਕੋਈ ਨੇੜੇ ਨਾ ਢੁੱਕਣ ਦੇਵੇ। ਰੋਂਦੇ ਕੁਰਲਾਂਦੇ ਤੇ ਵਿਰਲਾਪ ਕਰਦੇ, ਪਰ ਦੁਖ ਤੋਂ ਛੁਟਕਾਰਾ ਦਿਵਾਣ ਵਾਲਾ ਕੋਈ ਨਾ ਮਿਲਦਾ। ਉਨ੍ਹਾਂ ਦੇ ਕੰਨੀਂ ਸਰੋਤ ਪਈ ਕਿ ਲਾਹੌਰ ਦਾ ਭਾਈ ਲੱਧਾ ਦੀਨ-ਦੁਖੀਆਂ ਦਾ ਦਰਦੀ ਹੈ, ਜਿਸ ਕਾਰਨ ਉਸ ਦੀ ਅਲ 'ਪਰਉਪਕਾਰੀ' ਪਈ ਹੋਈ ਹੈ। ਉਹ ਦੁਖ ਦੀ ਨਿਵਿਰਤੀ ਵਿਚ ਸਹਾਈ ਹੋ ਸਕਦਾ ਹੈ। ਦੋਵੇਂ ਭਰਾ ਲਾਹੌਰ ਭਾਈ ਲੱਧੇ ਪਰਉਪਕਾਰੀ ਪਾਸ ਜਾ ਕੇ ਆਪਣੀ ਭੁੱਲ ਲਈ ਰੋਏ ਅਤੇ ਪਛਤਾਵੇ ਵਿਚ ਕੀਰਨੇ ਪਾਏ। ਭਾਈ ਜੀ ਦਾ ਕੋਮਲ ਹਿਰਦਾ ਇਹਨਾਂ ਦੇ ਵਿਰਲਾਪ ਕਾਰਨ ਦ੍ਰਵ ਗਿਆ ਅਤੇ ਆਪ ਜੀ ਨੇ ਇਹਨਾਂ ਦੀ ਸਹਾਇਤਾ ਕਰਨ ਦਾ ਸੰਕਲਪ ਬਣਾ ਲਿਆ।
ਭਾਈ ਲੱਧਾ ਜੀ ਸਤਿਗੁਰਾਂ ਦੇ ਬਚਨਾਂ ਦੀ ਪਾਲਣਾ ਵਜੋਂ ਆਪ ਹੀ ਆਪਣਾ ਮੂੰਹ ਕਾਲਾ ਕਰ ਕੇ, ਇਨ੍ਹਾਂ ਰਬਾਬੀ ਭਰਾਵਾਂ ਸਮੇਤ ਗੁਰੂ-ਦਰਬਾਰ ਵਿਚ ਜਾ ਹਾਜ਼ਿਰ ਹੋਏ। ਗੁਰੂ-ਅਵੱਗਿਆ ਕਰਨ ਦਾ ਪਸਚਾਤਾਪ ਕਰ ਰਹੇ ਰਬਾਬੀ-ਭਰਾਵਾਂ ਨੂੰ ਬਖ਼ਸ਼ ਦੇਣ ਦੀ, ਗੁਰੂ ਚਰਨਾਂ ਵਿਚ ਜੋਦੜੀ ਕੀਤੀ। ਭਾਈ ਲੱਧਾ ਜੀ ਦੀ ਨਿੰਮਰਤਾਈ ਅਤੇ ਪਰਉਪਕਾਰ ਲਈ ਕੀਤੀ ਕੁਰਬਾਨੀ ਦੇਖ ਕੇ ਸਤਿਗੁਰੂ ਜੀ ਪਸੀਜ ਪਏ। ਪਰਉਪਕਾਰੀ ਭਾਈ ਲੱਧਾ ਜੀ ਦਾ ਕਾਲਾ ਹੋਇਆ ਮੂੰਹ ਸਤਿਗੁਰਾਂ ਨੇ ਆਪਣੇ ਕਰ-ਕਮਲਾਂ ਨਾਲ ਧੋਤਾ ਅਤੇ ਗੁਰਸਿੱਖ ਨੂੰ ਆਪਣੀਆਂ ਬਖ਼ਸ਼ਸ਼ਾਂ ਅਤੇ ਅਸੀਸਾਂ ਨਾਲ ਨਿਵਾਜਿਆ। ਬਚਨ ਕੀਤੋਨੇ ਕਿ ਜਿਸ ਮੂੰਹ ਨਾਲ ਇਨ੍ਹਾਂ ਨੇ ਸਤਿਗੁਰਾਂ ਦੀ ਨਿੰਦਾ ਕੀਤੀ ਹੈ, ਉਸੇ ਮੂੰਹ ਨਾਲ ਹੁਣ ਉਨ੍ਹਾਂ ਦੀ ਉਸਤਤਿ ਕਰਨ ਤਾਂ ਇਨ੍ਹਾਂ ਦਾ ਸਭੋ ਰੋਗ ਕਟਿਆ ਜਾਏਗਾ। ਸਤਿਗੁਰੂ
ਮਿਹਰਵਾਨ ਹੋਇਆ, ਆਪਣੀ ਕਲਾ-ਕੌਤਕੀ ਨਿਹਾਲਣੀ ਦ੍ਰਿਸ਼ਟੀ ਨਾਲ ਰਬਾਬੀਆਂ ਵੱਲ ਤੱਕਿਆ। ਐਸੀ ਪਰਤੱਖ ਕਲਾ ਵਰਤੀ ਕਿ ਇਹਨਾਂ ਨੂੰ ਅੰਤਰ-ਆਤਮੇ ਸਤਿਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਪੰਜੇ ਪਾਤਸ਼ਾਹ ਇਕੇ ਰੂਪ ਵਿਚ ਪਰਤੱਖ ਹੋ ਗਏ। ਸਤਿਗੁਰੂ ਜੀ ਦੀ ਕਲਾ-ਕ੍ਰਿਸ਼ਮਾਇਣੀ ਦ੍ਰਿਸ਼ਟੀ ਸਦਕਾ ਭਾਈ ਬਲਵੰਡ ਤੇ ਸਤਾ ਜੀ ਦੇ ਕਪਾਟ ਖੁੱਲ੍ਹ ਗਏ ਅਤੇ ਉਹ ਹਰੇਕ ਸਤਿਗੁਰੂ ਨੂੰ ਪਰਤੱਖ ਹਾਜ਼ਰ ਨਾਜ਼ਰ ਸਮਝ ਕੇ ਆਪਣੀ ਭੁੱਲ ਅਤੇ ਪਛਤਾਵੇ ਨੂੰ ਚਿਤਾਰਦੇ ਹੋਏ ਅੰਤਰ-ਆਤਮੇ ਵਾਹਿਗੁਰੂ ਨਾਲ ਇਕਸੁਰ ਹੋਏ ਹੋਏ ਗੁਰੂ-ਉਸਤਤਿ ਵਿਚ ਬਾਣੀ ਉਚਾਰਦੇ ਗਏ, ਜਿਸ ਨੂੰ ਸੁਰੱਖਿਅਤ ਕਰ ਕੇ ਸਤਿਗੁਰਾਂ ਵਲੋਂ ਪੋਥੀ ਸਾਹਿਬ ਵਿਚ ਸ਼ਾਮਲ ਕਰ ਦਿੱਤਾ ਗਿਆ।
ਸਤਿਗੁਰਾਂ ਦੀ ਉਸਤਤਿ ਕਰਨ ਦੇ ਫਲ-ਸਰੂਪ ਉਨ੍ਹਾਂ ਦਾ ਕੁਸ਼ਟ-ਰੋਗ ਕਾਵੂਰ ਹੋ ਗਿਆ ਅਤੇ ਉਹਨਾਂ ਨੂੰ ਗੁਰੂ-ਦਰਬਾਰ ਵਿਚ ਮੁੜ ਟਿਕਾਣਾ ਮਿਲ ਗਿਆ। ਸਿਖ ਸੰਗਤਾਂ ਦਾ ਨਿਸਚਾ ਹੈ ਕਿ ਜੋ ਜੋ ਸਿਖ ਮਾਈ-ਭਾਈ ਗੁਰੂ ਸਾਹਿਬਾਨ ਦੀ ਉਸਤਤਿ ਵਿਚ ਉਚਾਰੀ ਗਈ ਇਸ ਬਾਣੀ ਨੂੰ ਸ਼ਰਧਾ-ਭਾਵਨੀ ਨਾਲ ਇਕਾਗਰ-ਚਿਤ ਹੋ ਕੇ ਪੜ੍ਹਦਾ ਸੁਣਦਾ ਹੈ, ਉਸ ਦੇ ਵੀ ਮਨ-ਤਨ ਦੇ ਸਾਰੇ ਰੋਗ ਕਟੇ ਜਾਂਦੇ ਹਨ।
"https://pagead2.googlesyndication.com/pagead/js/adsbygoogle.js?client=ca-pub-6952038618430834"